ਐਂਟੀਬਾਇਓਟਿਕ ਬਾਰੇ ਤੱਥ
ਐਂਟੀਬਾਇਓਟਿਕਸ ਬਾਰੇ ਤੱਥ ਅਤੇ ਕੈਨੇਡਾ ਅਤੇ ਦੁਨੀਆ ਭਰ ਵਿਚ ਐਂਟੀਬਾਇਓਟਿਕ ਦਾ ਅਸਰ ਨਾ ਹੋਣ (ਐਂਟੀਬਾਇਓਟਿਕ ਰਜਿਸਟੈਂਸ) ਬਾਰੇ ਜਾਣੋ।
ਐਂਟੀਬਾਇਓਟਿਕ ਬਾਰੇ ਤੱਥ: ਬ੍ਰਿਟਿਸ਼ ਕੋਲੰਬੀਆ
ਕੀ ਤੁਹਾਨੂੰ ਪਤਾ ਹੈ?
ਐਂਟੀਬਾਇਓਟਿਕਸ ਦੀ ਵਧ ਰਹੀ ਵਰਤੋਂ ਅਤੇ ਦੁਰਵਰਤੋਂ ਨਾਲ, ਬੈਕਟੀਰੀਆ ਉੱਪਰ ਉਨ੍ਹਾਂ ਐਂਟੀਬਾਇਓਟਿਕਸ ਦਾ ਅਸਰ ਨਾ ਹੋਣਾ ਵਧਦਾ ਜਾ ਰਿਹਾ ਹੈ ਜਿਨ੍ਹਾਂ ਦੀ ਵਰਤੋਂ ਆਮ ਤੌਰ `ਤੇ ਉਨ੍ਹਾਂ ਦਾ ਇਲਾਜ ਕਰਨ ਲਈ ਕੀਤੀ ਜਾਂਦੀ ਹੈ, ਅਤੇ ਕੁਝ ਕੇਸਾਂ ਵਿਚ, ਇਨਫੈਕਸ਼ਨਾਂ ਦਾ ਇਲਾਜ ਕਰਨਾ ਜ਼ਿਆਦਾ ਔਖਾ ਹੋ ਰਿਹਾ ਹੈ।
ਸੁਧਾਰਾਂ ਵਾਲੇ ਖੇਤਰਾਂ ਅਤੇ ਫਿਕਰ ਵਾਲੇ ਖੇਤਰਾਂ ਨੂੰ ਸਮਝਣ ਵਿਚ ਮਦਦ ਲਈ ਬੀ ਸੀ ਸੀ ਡੀ ਸੀ (BCCDC) ਐਂਟੀਬਾਇਓਟਿਕ ਦੇ ਨਾ-ਅਸਰਾਂ ਅਤੇ ਐਂਟੀਬਾਇਓਟਿਕ ਦੀ ਵਰਤੋਂ ਵਿਚਲੇ ਰੁਝਾਨਾਂ ਦੀ ਨਿਗਰਾਨੀ ਰੱਖਦਾ ਹੈ।BCCDC Antimicrobial Resistance & Utilization `ਤੇ ਇੰਟਰਐਕਟਿਵ ਡੈਸ਼ਬੋਰਡਜ਼ ਦੇਖੋ।
- ਬੀ ਸੀ ਵਿਚ ਟੈੱਸਟ ਕੀਤੀਆਂ ਗਈਆਂ ਸਟੈਫੀਲੌਕਸ ਔਰੀਅਸ ਇਨਫੈਕਸ਼ਨਾਂ ਦੇ ਤਕਰੀਬਨ ਇਕ ਚੌਥਾਈ ਹਿੱਸੇ ਉੱਪਰ ਮੈਥੀਸੀਲਿਨ ਦਾ ਕੋਈ ਅਸਰ ਨਹੀਂ ਹੋਇਆ (MRSA). (BCCDC, 2019)
- ਬੀ.ਸੀ. ਵਿਚ 65 ਸਾਲ ਤੋਂ ਜ਼ਿਆਦਾ ਉਮਰ ਦੇ ਬਾਲਗਾਂ ਨੂੰ 65 ਸਾਲ ਤੋਂ ਘੱਟ ਉਮਰ ਦੇ ਬਾਲਗਾਂ ਨਾਲੋਂ 1.6 ਗੁਣਾ ਜ਼ਿਆਦਾ ਐਂਟੀਬਾਇਓਟਿਕ ਦਿੱਤੇ ਜਾਂਦੇ ਹਨ। (BCCDC, 2021)
- ਸਾਲ 2014 ਤੋਂ ਲੈ ਕੇ, ਬ੍ਰਿਟਿਸ਼ ਕੋਲੰਬੀਆ ਦੇ ਉਨ੍ਹਾਂ ਲੋਕਾਂ ਦੀ ਗਿਣਤੀ ਵਿਚ 300% ਵਾਧਾ ਹੋਇਆ ਹੈ ਜਿਨ੍ਹਾਂ ਵਿਚ ਅਜਿਹੇ ਬੈਕਟੀਰੀਆ ਹੋਣ ਦਾ ਪਤਾ ਲੱਗਾ ਹੈ ਜਿਸ ਉੱਪਰ ਕਾਰਬਾਪੈਨਮਜ਼ ਦਾ ਕੋਈ ਅਸਰ ਨਹੀਂ ਹੋਇਆ ਜੋ ਕਿ ਸਭ ਤੋਂ ਤੇਜ਼ ਐਂਟੀਬਾਇਓਟਿਕਸ ਵਿੱਚੋਂ ਇਕ ਹੈ। (PICNet, 2019)
ਐਂਟੀਬਾਇਓਟਿਕ ਬਾਰੇ ਤੱਥ: ਕੈਨੇਡਾ
ਕੀ ਤੁਹਾਨੂੰ ਪਤਾ ਹੈ?
ਕੌਂਸਲ ਔਫ ਕੈਨੇਡੀਅਨ ਅਕੈਡਮੀਜ਼ ਦੀ 2018 ਦੀ ਇਕ ਰਿਪੋਰਟ ਮੁਤਾਬਕ, ਐਂਟੀਬਾਇਓਟਿਕ ਦਾ ਅਸਰ ਨਾ ਹੋਣ ਨਾਲ ਕੈਨੇਡਾ ਦੇ ਹਸਪਤਾਲਾਂ ਨੂੰ ਹਰ ਸਾਲ ਤਕਰੀਬਨ 1.4 ਬਿਲੀਅਨ ਡਾਲਰ ਦਾ ਖਰਚਾ ਝੱਲਣਾ ਪੈਂਦਾ ਹੈ। ਜੇ ਕੋਈ ਕਦਮ ਨਾ ਚੁੱਕਿਆ ਗਿਆ ਤਾਂ ਇਹ ਰਕਮ ਅਗਲੇ 30 ਸਾਲਾਂ ਦੌਰਾਨ ਵਧ ਕੇ ਤਕਰੀਬਨ 120 ਬਿਲੀਅਨ ਡਾਲਰ ਹੋ ਸਕਦੀ ਹੈ।
ਹਰ ਵਾਰੀ ਜਦੋਂ ਅਸੀਂ ਐਂਟੀਬਾਇਓਟਿਕ ਦੀ ਵਰਤੋਂ ਗਲਤ ਤਰੀਕੇ ਨਾਲ ਕਰਨ ਤੋਂ ਪਰਹੇਜ਼ ਕਰਦੇ ਹਾਂ, ਇਹ ਐਂਟੀਬਾਇਓਟਿਕ ਦੇ ਅਸਰ ਨਾ ਹੋਣ ਤੋਂ ਰੋਕਥਾਮ ਕਰਨ ਅਤੇ ਸਾਡੇ ਹੈਲਥ ਕੇਅਰ ਸਿਸਟਮ ਉੱਪਰ ਬੋਝ ਘਟਾਉਣ ਦਾ ਇਕ ਮੌਕਾ ਹੁੰਦਾ ਹੈ। ਕੌਂਸਲ ਔਫ ਕੈਨੇਡੀਅਨ ਅਕੈਡਮੀਜ਼ ਦੀ ਰਿਸਰਚ ਦੀ ਪੂਰੀ ਰਿਪੋਰਟ When Antibiotics Fail ਦੇਖੋ।
- ਸਾਲ 2018 ਵਿਚ, ਕੈਨੇਡਾ ਵਿਚ 5,400 ਮੌਤਾਂ ਐਂਟੀਬਾਇਓਟਿਕ ਦੇ ਅਸਰ ਨਾ ਹੋਣ ਨਾਲ ਸੰਬੰਧਿਤ ਸਨ। ਇਹ ਹਰ ਰੋਜ਼ ਦੀਆਂ ਤਕਰੀਬਨ 15 ਮੌਤਾਂ ਬਣਦੀਆਂ ਹਨ। (Council of Canadian Academies, 2019)
- ਕੈਨੇਡਾ ਦੇ ਹਸਪਤਾਲਾਂ ਨੂੰ ਸਾਲ 2018 ਵਿਚ ਐਂਟੀਬਾਇਓਟਿਕ ਦਾ ਅਸਰ ਨਾ ਹੋਣ ਕਰਕੇ ਤਕਰੀਬਨ 1.5 ਬਿਲੀਅਨ ਡਾਕਰ ਦਾ ਖਰਚਾ ਝੱਲਣਾ ਪਿਆ (ਕੌਂਸਲ ਔਫ ਕੈਨੇਡੀਅਨ ਅਕੈਡਮੀਜ਼, 2019)
- ਸਾਲ 2012 ਤੋਂ ਲੈ ਕੇ ਕਮਿਊਨਟੀ-ਆਧਾਰਿਤ ਮੈਥੀਸੀਲਿਨ ਦਾ ਅਸਰ ਨਾ ਹੋਣ ਵਾਲੀਆਂ ਸਟੈਫੀਲੌਕਸ ਔਰੀਅਸ (MRSA) ਇਨਫੈਕਸ਼ਨਾਂ ਤਕਰੀਬਨ ਦੁੱਗਣੀਆਂ ਹੋ ਗਈਆਂ ਹਨ। (ਕੈਨੇਡਾ ਦੀ ਪਬਲਿਕ ਹੈਲਥ ਏਜੰਸੀ, 2018)
ਐਂਟੀਬਾਇਓਟਿਕ ਬਾਰੇ ਤੱਥ: ਦੁਨੀਆ ਭਰ ਵਿਚ
ਕੀ ਤੁਹਾਨੂੰ ਪਤਾ ਹੈ?
ਐਂਟੀਬਾਇਓਟਿਕਸ ਦੀ ਲਗਾਤਾਰ ਗਲਤ ਵਰਤੋਂ ਅਤੇ ਲੈਣ ਦੀਆਂ ਜ਼ਿਆਦਾ ਤਜਵੀਜ਼ਾਂ ਦੇ ਸਾਡੇ ਹੈਲਥ ਕੇਅਰ ਸਿਸਟਮ ਲਈ ਗੰਭੀਰ ਨਤੀਜੇ ਨਿਕਲੇ ਹਨ। ਵਰਲਡ ਹੈਲਥ ਔਰਗੇਨਾਈਜ਼ੇਸ਼ਨ (ਡਬਲਯੂ ਐੱਚ ਓ) ਵਲੋਂ 2020 ਦੀਆਂ ਦੋ ਰਿਪੋਰਟਾਂ ਇਹ ਦਿਖਾਉਂਦੀਆਂ ਹਨ ਕਿ ਨਵੇਂ ਐਂਟੀਬਾਇਓਟਿਕਸ ਦੀ ਘਾਟ, ਦਵਾਈ ਦਾ ਅਸਰ ਨਾ ਕਬੂਲਣ ਵਾਲੀਆਂ ਇਨਫੈਕਸ਼ਨਾਂ ਦਾ ਮੁਕਾਬਲਾ ਕਰਨ ਦੇ ਯਤਨਾਂ ਨੂੰ ਕਮਜ਼ੋਰ ਕਰਦੀ ਹੈ।
ਇਕੱਲੇ ਨਵੇਂ ਇਲਾਜ ਐਂਟੀਮਾਈਕਰੋਬੀਅਲ ਰੁਕਾਵਟ ਦੇ ਖਤਰੇ ਦਾ ਮੁਕਾਬਲਾ ਕਰਨ ਲਈ ਕਾਫੀ ਨਹੀਂ ਹੋਣਗੇ। ਵਰਲਡ ਹੈਲਥ ਔਰਗੇਨਾਈਜ਼ੇਸ਼ਨ ਇਲਾਜ ਦੀਆਂ ਸਾਡੀਆਂ ਮੌਜੂਦਾ ਚੋਣਾਂ ਦੇ ਅਸਰਾਂ ਨੂੰ ਸਾਂਭਣ ਲਈ ਵਿਸ਼ਵ ਵਿਆਪੀ ਯਤਨਾਂ ਦਾ ਸੱਦਾ ਦੇ ਰਹੀ ਹੈ।
ਡਬਲਯੂ ਐੱਚ ਓ ਦੀ ਨਿਊਜ਼ ਰਿਲੀਜ਼ ਇੱਥੇ ਦੇਖੋ: Lack of new antibiotics threatens global efforts to contain drug-resistant infections (ਜਨਵਰੀ 2020)।
- ਦੁਨੀਆ ਭਰ ਵਿਚ ਹਰ ਸਾਲ ਲਗਭਗ 240,000 ਲੋਕ ਅਜਿਹੀ ਤਪਦਿਕ ਨਾਲ ਮਰਦੇ ਹਨ ਜਿਸ `ਤੇ ਦਵਾਈ ਦਾ ਅਸਰ ਨਹੀਂ ਹੁੰਦਾ। (ਵਰਲਡ ਹੈਲਥ ਔਰਗੇਨਾਈਜ਼ੇਸ਼ਨ, 2018)
- ਪਿਛਲੇ 35 ਸਾਲਾਂ ਵਿਚ ਕੋਈ ਵੱਡੇ ਐਂਟੀਬਾਇਓਟਿਕਸ ਵਿਕਸਤ ਨਹੀਂ ਕੀਤੇ ਗਏ ਹਨ। (ਵਰਲਡ ਹੈਲਥ ਔਰਗੇਨਾਈਜ਼ੇਸ਼ਨ, 2014)
- ਐਂਟੀਬਾਇਓਟਿਕ ਦਾ ਅਸਰ ਨਾ ਮੰਨਣ ਵਾਲੇ ਬੈਕਟੀਰੀਆ ਵਾਲੀਆਂ ਇਨਫੈਕਸ਼ਨਾਂ ਨਾਲ, ਐਂਟੀਬਾਇਓਟਿਕ ਦਾ ਅਸਰ ਮੰਨਣ ਵਾਲੇ ਬੈਕਟੀਰੀਆ ਨਾਲੋਂ ਦੁੱਗਣੀਆਂ ਮੌਤਾਂ ਹੁੰਦੀਆਂ ਹਨ। (ਵਰਲਡ ਹੈਲਥ ਔਰਗੇਨਾਈਜ਼ੇਸ਼ਨ, 2018)
ਵਸੀਲੇ
ਹੇਠਾਂ ਦਿੱਤੇ ਵਸੀਲਿਆਂ ਤੱਕ ਪਹੁੰਚ ਕਰਕੇ, ਐਂਟੀਬਾਇਓਟਿਕਸ ਦੀ ਵਰਤੋਂ ਸਿਆਣਪ ਨਾਲ ਕਰਨ, ਐਂਟੀਬਾਇਓਟਿਕ ਦਾ ਅਸਰ ਨਾ ਹੋਣ ਅਤੇ ਬੀਮਾਰ ਹੋਣ ਤੋਂ ਬਚਣ ਬਾਰੇ ਜ਼ਿਆਦਾ ਜਾਣੋ।
ਅਲਬਰਟਾ ਹੈਲਥ ਸਰਵਿਸਿਜ਼ ਦੀ ਕਿਰਪਾ ਨਾਲ। 14 ਵੱਖ ਵੱਖ ਜ਼ਬਾਨਾਂ ਵਿਚ ਅਨੁਵਾਦ ਹੋਈ ਹੋਰ ਸਾਮੱਗਰੀ Do Bugs Need Drugs ਵੈੱਬਸਾਈਟ ਉੱਪਰ ਦੇਖੀ ਜਾ ਸਕਦੀ ਹੈ।